Festivals

Teej Festival in Punjabi Language – ਤੀਆਂ ਦਾ ਤਿਉਹਾਰ ਪੰਜਾਬੀ ਭਾਸ਼ਾ ਵਿੱਚ

ਪੰਜਾਬੀ ਭਾਸ਼ਾ ਵਿੱਚ ਤੀਜ ਤਿਉਹਾਰ ਦੀ ਜਾਣ-ਪਛਾਣ- Teej Festival Speech in Punjabi Language

ਸਾਉਣ ਦਾ ਮਹੀਨਾ, ਬੱਦਲਾਂ ਦੇ ਵੱਖ-ਵੱਖ ਰੰਗ, ਕਦੇ ਬਰਸਾਤ ਤੇ ਕਦੇ ਧੁੱਪ, ਤੇ ਹਰ ਪਾਸੇ ਹਰਿਆਲੀ, ਮੋਰਾਂ ਦੀ ਮੀਠੀ ਅਵਾਜ਼ ਤੇ ਮੁਟਿਆਰਾਂ ਦੀਆਂ ਝਾਂਜਰਾਂ ਦੀ ਖਣਕ, ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਪੰਜਾਬ ਦਾ “ਤੀਆਂ ਦਾ ਤਿਉਹਾਰ” ਜਿਸਨੂੰ “ਤੀਜ ਦਾ ਤਿਉਹਾਰ” ਨਾਲ ਵੀ ਜਾਣਿਆ ਜਾਂਦਾ ਹੈ।

ਤੀਜ ਦੇ ਤਿਉਹਾਰ ਨੂੰ ਪੰਜਾਬ ਵਿਚ ‘ਤੀਆਂ ਤੀਜ ਦੀਆਂ’ ਜਾਂ ਸਿਰਫ ‘ਤੀਆਂ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਖ-ਵੱਖ ਨਾਵਾਂ ਹੇਠ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਪਰ ਮੁੱਖ ਤੌਰ ‘ਤੇ ਤੀਜ ਦਾ ਤਿਉਹਾਰ (ਤੀਆਂ ਦਾ ਤਿਉਹਾਰ) ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਪਰੰਪਰਾਗਤ ਤਿਉਹਾਰ ਸਾਰਿਆਂ ਲਈ, ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਲਿਆਉਂਦਾ ਹੈ। ਤੀਆਂ ਦਾ ਤਿਉਹਾਰ (Teeyan Festival in Punjabi) ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਤੀਜ ਦੇ ਤਿਉਹਾਰ ਦੌਰਾਨ, ਰਵਾਇਤੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਮੇਲੇ ਵਿੱਚ ਗਿੱਧਾ ਪਾਉਂਦੀਆਂ ਹਨ, ਲੋਕ ਗੀਤ ਅਤੇ ਬੋਲੀਆਂ ਪਾਉਂਦੀਆਂ ਹਨ, ਮਹਿੰਦੀ ਲਗਾਉਂਦੀਆਂ ਹਨ, ਪੀਂਘਾਂ ਝੂਟਦੀਆਂ ਅਤੇ ਖੁਸ਼ੀ ਮਨਾਉਂਦਿਆਂ ਹਨ।

ਇਸ ਲੇਖ ਵਿੱਚ ਅਸੀਂ ਤੀਜ ਦੇ ਤਿਉਹਾਰ ਦੀ ਮਹੱਤਤਾ, ਇਸਨੂੰ ਕਿਉਂ ਮਨਾਇਆ ਜਾਂਦਾ ਹੈ, ਅਤੇ ਤੀਆਂ ਨੂੰ ਪੰਜਾਬ ਵਿੱਚ ਮਨਾਉਣ ਦੇ ਦਿਲਚਸਪ ਤਰੀਕਿਆਂ ਨੂੰ ਜਾਣਾਂਗੇ ।

ਤੀਜ ਦੇ ਤਿਉਹਾਰ ਦੀ ਮਹੱਤਤਾ ਪੰਜਾਬੀ ਭਾਸ਼ਾ ਵਿੱਚ – Significance of Teej festival in Punjabi Language

ਪੰਜਾਬ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੇ ਸਾਰਾ ਸਾਲ ਬਹੁਤ ਸਾਰੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਤੀਆਂ ਦੇ ਤਿਉਹਾਰ (Teeyan Festival in Punjabi) ਦਾ ਵਿਸ਼ੇਸ਼ ਮਹੱਤਵ ਹੈ। ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ ਇਸਲਈ ਇਸ ਨੂੰ ‘ਸਾਉਣੀ ਤੀਆਂ’(Saawan Teeyan) ਜਾਂ ‘ਹਰਿਆਲੀ ਤੀਆਂ’(Hariyali Teej) ਵੀ ਕਿਹਾ ਜਾਂਦਾ ਹੈ।

ਹਾੜ੍ਹ ਮਹੀਨੇ ਦੀ ਤਪਦੀ ਗਰਮੀ, ਝੁਲਸਾਉਣ ਵਾਲੀ ਲੂ ਅਤੇ ਖੁਸ਼ਕ ਵਾਤਾਵਰਣ ਤੋਂ ਰਾਹਤ ਦਿਵਾਉਣ ਵਾਲਾ ਸਾਉਣ (ਬਰਸਾਤ) ਦਾ ਮਹੀਨਾ ਆਪਣੇ ਨਾਲ ਠੰਢੀਆਂ ਹਵਾਵਾਂ, ਮੀਂਹ ਅਤੇ ਹਰਿਆਲੀ ਲੈ ਕੇ ਆਉਂਦਾ ਹੈ। ਕੁਦਰਤ ਇਸ ਸਮੇਂ ਆਪਣੇ ਪੂਰੇ ਜੋਸ਼ ਅਤੇ ਸੁੰਦਰਤਾ ਵਿਚ ਹੁੰਦੀ ਹੈ ਅਤੇ ਸਾਰੇ ਜੀਵ-ਜੰਤੂ ਕੁਦਰਤ ਦੀ ਇਸ ਭਰਪੂਰਤਾ ਦਾ ਜਸ਼ਨ ਮਨਾਉਂਦੇ ਵੇਖੇ ਜਾ ਸਕਦੇ ਹਨ; ਖੁੱਲ੍ਹੇ ਅਸਮਾਨ ਵਿੱਚ ਉੱਡਦੇ ਪੰਛੀ, ਮੋਰਾਂ ਦੀ ਕੂਕਾਂ, ਫਲਾਂ ਨਾਲ ਭਰੇ ਰੁੱਖ, ਫੁੱਲਾਂ ਨਾਲ ਭਰੇ ਬਾਗ ਅਤੇ ਚਾਰੇ ਪਾਸੇ ਹਰਿਆਲੀ। ਇਸੇ ਤਰ੍ਹਾਂ ਅਸੀਂ ਮਨੁੱਖ ਵੀ ਕੁਦਰਤ ਦੀ ਇਸ ਸੁੰਦਰਤਾ ਅਤੇ ਭਰਪੂਰਤਾ ਨੂੰ ਤੀਆਂ ਦੇ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਹਾਂ।

ਤੀਜ ਤਿਉਹਾਰ ਦਾ ਇਤਿਹਾਸ ਪੰਜਾਬੀ ਭਾਸ਼ਾ ਵਿੱਚ – Teej Festival History in Punjabi Language

ਹਿੰਦੂ ਧਰਮ ਅਨੁਸਾਰ ਤੀਜ ਦਾ ਤਿਉਹਾਰ ਬਹੁਤ ਮਹੱਤਵਪੂਰਨ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਮੁੜ ਮਿਲਾਪ ਹੋਇਆ ਸੀ। ਦੇਵੀ ਪਾਰਵਤੀ ਨੇ ਕਈ ਸਾਲਾਂ ਤੱਕ ਤਪੱਸਿਆ ਕੀਤੀ ਅਤੇ ਭਗਵਾਨ ਸ਼ਿਵ ਲਤੀ ਵਰਤ ਰੱਖਿਆ ਜਿਸ ਨਾਲ ਭਗਵਾਨ ਸ਼ਿਵ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਦੇਵੀ ਪਾਰਵਤੀ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ। ਇਸੇ ਲਈ ਦੇਵੀ ਪਾਰਵਤੀ ਨੂੰ ਤੀਜ ਮਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ, ਤੀਜ ਦੇ ਤਿਉਹਾਰ ਦਾ ਧਾਰਮਿਕ ਮਹੱਤਵ ਪਤੀ-ਪਤਨੀ ਵਿਚਕਾਰ ਪਿਆਰ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਤੀਜ ਦੇ ਤਿਉਹਾਰ ਦੇ ਧਾਰਮਿਕ ਮਹੱਤਵ ਨੂੰ ਬਰਕਰਾਰ ਰੱਖਦੇ ਹੋਏ, ਹਿੰਦੂ ਧਰਮ ਵਿੱਚ ਵਿਆਹੀਆਂ ਔਰਤਾਂ ਅਜੇ ਵੀ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਵਿੱਚ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਲਈ ਵਰਤ ਰੱਖਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੀ ਪ੍ਰਾਰਥਨਾ ਕਰਨ ਅਤੇ ਤੀਜ ਦੇ ਦਿਨ ਸ਼ਰਧਾ ਨਾਲ ਵਰਤ ਰੱਖਣ ਨਾਲ ਅਣਵਿਆਹੀਆਂ ਲੜਕੀਆਂ ਨੂੰ ਵੀ ਸੁਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਪੰਜਾਬੀ ਭਾਸ਼ਾ ਵਿੱਚ ਤੀਜ ਤਿਉਹਾਰ ਦੀਆਂ ਰਸਮਾਂ – Teej Festival Rituals in Punjabi Language

ਪੰਜਾਬ ਵਿੱਚ ਤੀਜ ਦਾ ਤਿਉਹਾਰ ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੁੰਦਾ ਹੈ। ਸਾਰੀਆਂ ਔਰਤਾਂ ਅਤੇ ਕੁੜੀਆਂ ਇਸ ਤਿਉਹਾਰ ਦੇ ਸ਼ਗਨ ਲਈ ਇਕੱਠੀਆਂ ਹੁੰਦੀਆਂ ਹਨ। ਜਿੱਥੇ ਅੱਜ-ਕੱਲ੍ਹ ਵੀ ਕਈ ਥਾਵਾਂ ‘ਤੇ,  ਪੁਰਾਣੇ ਸਮਿਆਂ ਅਨੁਸਾਰ, ਮਾਪੇ ਸਾਵਣ ਅਤੇ ਤੀਜ ਦਾ ਮਹੀਨਾ ਮਨਾਉਣ ਲਈ ਆਪਣੀਆਂ ਧੀਆਂ ਨੂੰ ਸਹੁਰੇ ਘਰੋਂ ਲਿਆਉਂਦੇ ਹਨ, ਉੱਥੇ ਹੀ ਕੁਝ ਔਰਤਾਂ ਆਪਣੇ ਸਹੁਰੇ ਘਰ ‘ਚ ਤੀਜ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੀਆਂ ਹਨ।

  •  ਸੰਧਾਰਾ- Sandhara

ਤੀਆਂ ਮਨਾਉਣ ਲਈ ਜਿਹੜੀਆਂ ਕੁੜੀਆਂ ਪੇਕੇ ਨਹੀਂ ਆ ਪਾਉਂਦੀਆਂ, ਉਨ੍ਹਾਂ ਲਈ ਮਾਤਾ-ਪਿਤਾ ਤੀਆਂ ਦਾ ਸ਼ਗਨ  ਭੇਜਦੇ ਹਨ, ਜਿਸਨੂੰ ਸੰਧਾਰਾ ਕਿਹਾ ਜਾਂਦਾ ਹੈ। ਇਸ ਸੰਧਾਰੇ ਵਿੱਚ ਅਕਸਰ ਮਠਿਆਈਆਂ, ਬਿਸਕੁਟ, ਚੂੜੀਆਂ, ਮਹਿੰਦੀ, ਸ਼ਿੰਗਾਰ ਦਾ ਸਮਾਨ, ਧੀ-ਜੁਆਈ ਦੇ ਕੱਪੜੇ ਅਤੇ ਸ਼ਗਨ ਦੇ ਪੈਸੇ ਭੇਜੇ ਜਾਂਦੇ ਹਨ। ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਸਹੁਰੇ ਘਰੋਂ ਤੀਆਂ ਦਾ ਸੰਧਾਰਾ ਆਉਂਦਾ ਹੈ।

  • ਮਹਿੰਦੀ- Mehndi

ਪੰਜਾਬ ਵਿੱਚ ਤੀਆਂ ਤੋਂ ਪਹਿਲਾਂ ਮਹਿੰਦੀ ਲਗਾਉਣ ਦੀ ਰਸਮ ਦਾ ਬਹੁਤ ਸੱਭਿਆਚਾਰਕ ਅਤੇ ਭਾਵਨਾਤਮਕ ਮਹੱਤਵ ਹੈ। ਤੀਜ ਤੋਂ ਇੱਕ ਜਾਂ ਦੋ ਦਿਨ ਪਹਿਲਾਂ, ਔਰਤਾਂ ਅਤੇ ਕੁੜੀਆਂ ਆਪਣੇ ਹੱਥਾਂ ਅਤੇ ਪੈਰਾਂ ‘ਤੇ ਮਹਿੰਦੀ ਲਗਾਉਣ ਲਈ ਇਕੱਠੀਆਂ ਹੁੰਦੀਆਂ ਹਨ। ਮਹਿੰਦੀ ਵਿੱਚ ਬਣਾਏ ਫੁੱਲ-ਬੂਟਿਆਂ, ਮੋਰ-ਘੁਗੀਆਂ, ਅੰਬੀਆਂ ਅਤੇ ਹੋਰ ਰੰਗਲੇ ਡਿਜ਼ਾਈਨ ਮੁਟਿਆਰਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੇ ਹਨ।  ਮਹਿੰਦੀ ਲਗਾਉਣ ਦੇ ਇਕੱਠ ਵਿੱਚ ਇੱਕ-ਦੂਜੇ ਨਾਲ ਹੁੰਦੇ ਮਜ਼ਾਕ ਤੇ ਕਲੋਲਾਂ, ਗੀਤਾਂ ਅਤੇ ਗੱਲਾਂ ਦੀ ਆਵਾਜ਼ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਬਣਾਉਂਦੀ ਹੈ।

  • ਰਵਾਇਤੀ ਪਹਿਰਾਵਾ- Traditional dresses

ਪੰਜਾਬ ਵਿੱਚ ਤੀਜ ਤਿਉਹਾਰ ਲਈ  ਮੁਟਿਆਰਾਂ, ਵਹੁਟੀਆਂ ਅਤੇ ਬਜ਼ੁਰਗ ਔਰਤਾਂ ਅਕਸਰ ਪਰੰਪਰਾਗਤ ਪੰਜਾਬੀ ਪਹਿਰਾਵਾ ਤਿਆਰ ਕਰਾਉਂਦੀਆਂ ਹਨ ਜਿਸ ਵਿੱਚ ਆਮ ਤੌਰ  ‘ਤੇ ਕਮੀਜ਼, ਸਲਵਾਰ (ਜਾਂ ਘੱਗਰਾ) ਤੇ ਦੁਪੱਟਾ ਪਹਿਨਿਆ ਜਾਂਦਾ ਹੈ। ਪਹਿਰਾਵੇ ਦੀ ਸੁੰਦਰਤਾ ਨੂੰ ਵਧਾਉਣ ਲਈ ਵੱਖ-ਵੱਖ ਤਰਾਂ ਦੀ ਕਢਾਈ ਕੀਤੀ ਜਾਂਦੀ ਹੈ। ਰੰਗਲੀ ਚੁੰਨੀਆਂ ਤੇ ਲੱਗੀਆਂ ਕਿਨਾਰੀਆਂ-ਗੋਟੇ ਇਸ ਪਹਿਰਾਵੇ ਦੀ ਸ਼ੋਭਾ ਹੋਰ ਵਧਾ ਦਿੰਦੀਆਂ ਹਨ। ਆਮ ਤੋਰ ਤੇ ਹਰ ਮੁਟਿਆਰ ਇਸ ਰੰਗਲੇ ਤਿਉਹਾਰ ਦੇ ਸਮੇਂ ਤੇ ਫੁਲਕਾਰੀ ਲੈਣਾ ਪਸੰਦ ਕਰਦਿਆਂ ਹਨ।

ਰਵਾਇਤੀ ਪਹਿਰਾਵੇ ਦੇ ਨਾਲ-ਨਾਲ, ਮੁਟਿਆਰਾਂ ਸਿਰ ਤੇ ਸੱਗੀ ਫੁੱਲ, ਗੁੱਤਾਂ ਵਿਚ ਪਰਾਂਦੀਆਂ, ਸੁੰਦਰ ਗਹਿਣੇ ਅਤੇ ਹਾਰ, ਮੁੰਦਰੀਆਂ, ਚੂੜੀਆਂ,  ਮੱਥੇ ‘ਤੇ ਟਿੱਕਾ, ਬਿੰਦੀ-ਸੁਰਖ਼ੀ, ਸੁਰਮਾ, ਅਤੇ ਪੈਰਾਂ ਵਿੱਚ ਝਾਜਰਾਂ ਵੀ ਪਹਿਨਦੀਆਂ ਹਨ, ਜੋ ਔਰਤਾਂ ਦੀ ਸਮੁੱਚੀ ਸੁੰਦਰਤਾ ਨੂੰ ਵਧਾਉਂਦੀਆਂ ਹਨ।

  • ਸੱਭਿਆਚਾਰਕ ਮਾਣ- Cultural pride

ਤੀਜ ਦੀ ਤਿਆਰੀ ਸਿਰਫ ਸੱਜਣ-ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ, ਸਗੋਂ ਸੱਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ। ਆਪਣੇ ਰਵਾਇਤੀ ਪਹਿਰਾਵੇ ਨੂੰ ਪਹਿਨ ਕੇ ਅਤੇ ਤੀਜ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਹੋਏ, ਔਰਤਾਂ ਮਾਣ ਨਾਲ ਪੰਜਾਬ ਦੀਆਂ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਲਈ ਆਪਣੇ ਪਿਆਰ ਨੂੰ ਦਰਸਾਉਂਦੀਆਂ ਹਨ।

ਪੰਜਾਬੀ ਭਾਸ਼ਾ ਵਿੱਚ ਤੀਜ ਤਿਉਹਾਰ ਦਾ ਜਸ਼ਨ – Teej Festival Celebration in Punjabi Language

ਤੀਜ (Teeyan Festival in Punjabi Language) ਦੇ ਸ਼ੁਭ ਦਿਹਾੜੇ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਲਈ ਔਰਤਾਂ ਅਤੇ ਕੁੜੀਆਂ ਤਿਆਰ ਹੋਕੇ ਸ਼ਾਮ ਨੂੰ ਇੱਕ  ਸਾਂਝੇ ਸਥਾਨ ਤੇ ਇਕੱਠੀਆਂ ਹੁੰਦੀਆਂ ਹਨ। ਪੁਰਾਣੇ ਸਮਿਆਂ ਵਿੱਚ, ਰੁੱਖਾਂ ਹੇਠ ਪੀਘਾਂ ਪਾਈਆਂ ਜਾਂਦੀਆਂ ਸਨ। ਜਿੱਥੇ ਕੁਝ ਮੁਟਿਆਰਾਂ ਪੀਂਘਾਂ ਝੂਟਦੀਆਂ ਗੀਤ ਗਾਉਂਦੀਆਂ ਸਨ ਓਥੇ ਹੀ ਬਾਕੀ ਔਰਤਾਂ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਸਨ।

ਅੱਜਕਲ ਇਹ ਜਸ਼ਨ ਤੀਜ ਮੇਲੇ ਵਿੱਚ ਮਨਾਏ ਜਾਂਦੇ ਹਨ। ਤੀਜ ਦੇ ਤਿਉਹਾਰ ਦਾ ਮੁੱਖ ਆਕਰਸ਼ਣ ਮੁਟਿਆਰਾਂ ਦਾ ਸੱਭਿਆਚਾਰਕ ਗਿੱਧਾ ਪਾਉਣਾ ਹੁੰਦਾ ਹੈ, ਜਿਸ ਵਿੱਚ ਕੁੜੀਆਂ ਅੱਡੀ ਮਾਰਦੀਆਂ ਨੱਚਦੀਆਂ, ਰਲ-ਮਿਲ ਕਿੱਕਲੀਆਂ ਪਾਉਂਦੀਆਂ, ਤੇ ਬੋਲੀਆਂ ਪਾਉਂਦੀਆਂ ਕਦੇ ਥੱਕਦੀਆਂ ਨਹੀਂ। ਇਹ ਬੋਲੀਆਂ ਅਕਸਰ ਸੱਸ, ਮਾਂ, ਭਰਜਾਈ, ਭੈਣ ਤੇ ਜੀਜਾ, ਹੋਰ ਰਿਸ਼ਤਿਆਂ ਅਤੇ ਸਮਾਜਿਕ ਬੁਰਾਈਆਂ ਨਾਲ ਜੁੜੀਆਂ ਹੁੰਦੀਆਂ ਹਨ। .

ਸ਼ਾਮ ਨੂੰ ਘਰ ਪਰਤ ਕੇ ਔਰਤਾਂ ਵੱਲੋਂ ਖੀਰ-ਪੂੜੀਆਂ ਖੀਰ-ਪੂੜੇ ਬਣਾਏ ਜਾਂਦੇ ਹਨ ਅਤੇ ਜਿਸਨੂੰ ਪਰਿਵਾਰ ਵਿੱਚ ਸਬ ਮਿਲ ਵੰਡ ਖਾਂਦੇ ਹਨ। ਨਾਲ ਹੀ, ਇਹ ਗੁਆਂਢੀਆਂ ਵਿੱਚ ਵੰਡੇ ਜਾਂਦੇ ਹਨ ਜੋ ਰਿਸ਼ਤਿਆਂ ਦੀ ਮਿਠਾਸ ਨੂੰ ਹੋਰ ਮਜ਼ਬੂਤ ਕਰਦੇ ਹਨ।

ਮਾਪਿਆਂ ਦੇ ਘਰ ਤੀਜ ਦਾ ਤਿਉਹਾਰ ਮਨਾਉਣ ਤੋਂ ਬਾਅਦ ਕੁੜੀਆਂ ਸੰਧਾਰਾ ਲੈ ਕੇ ਸਹੁਰੇ ਘਰ ਵਾਪਸ ਚਲੀਆਂ ਜਾਂਦੀਆਂ ਹਨ।

ਪੰਜਾਬੀ ਭਾਸ਼ਾ ਵਿੱਚ ਤੀਜ ਮੇਲਾ – Teej Mela in Punjabi Language

ਤੀਜ ਮੇਲਾ ਪੰਜਾਬ ਦੇ ਵੱਖ-ਵੱਖ ਖੇਤਰਾਂ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਮਨਾਇਆ ਜਾਣ ਵਾਲਾ ਇੱਕ ਮਨੋਰੰਜਕ ਅਤੇ ਅਨੰਦਮਈ ਜਸ਼ਨ ਹੈ। ਤੀਜ ਮੇਲਾ ਤੀਜ ਤਿਉਹਾਰ ਦਾ ਇੱਕ ਜ਼ਰੂਰੀ ਪਹਿਲੂ ਹੈ, ਅਤੇ ਆਮ ਤੌਰ ‘ਤੇ ਖੇਤਰ ਦੇ ਅਧਾਰ ‘ਤੇ ਇੱਕ ਤੋਂ ਤਿੰਨ ਦਿਨਾਂ ਤੱਕ ਰਹਿੰਦਾ ਹੈ। ਮੇਲਾ ਆਮ ਤੌਰ ‘ਤੇ ਇੱਕ ਖੁੱਲੇ ਮੈਦਾਨ ਵਿੱਚ ਲਗਾਇਆ ਜਾਂਦਾ ਹੈ ਜਿੱਥੇ ਕੱਪੜੇ, ਗਹਿਣਿਆਂ, ਖਿਡੌਣਿਆਂ, ਘਰੇਲੂ ਸਜਾਵਟ ਅਤੇ ਹੋਰ ਚੀਜ਼ਾਂ ਦੇ ਸਟਾਲ ਲੱਗੇ ਹੁੰਦੇ ਹਨ।

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਕਈ ਸਕੂਲਾਂ, ਕਾਲਜਾਂ ਅਤੇ ਹੋਰ ਮੈਦਾਨਾਂ ਵਿੱਚ ਇਹ ਮੇਲੇ ਲਗਾਏ ਜਾਂਦੇ ਹਨ। ਗਿੱਧੇ ਅਤੇ ਭੰਗੜੇ ਦੇ ਜੋਸ਼ ਭਰੇ ਪ੍ਰਦਰਸ਼ਨ ਤੋਂ ਬਿਨਾਂ ਤੀਜ ਦਾ ਤਿਉਹਾਰ ਅਧੂਰਾ ਹੈ, ਇਸਲਈ ਕਈ ਲੋਕ ਕਲਾਕਾਰ ਤੇ ਇਸ ਮੇਲੇ ਦੀ ਸ਼ੋਭਾ ਵਧਾਉਣ ਲਈ ਸੱਦੇ ਜਾਂਦੇ ਹਨ। ਕਿਤੇ ਢੋਲ ਦੀ ਅਵਾਜ਼ ‘ਤੇ ਨੱਚਦੇ ਗਬਰੂ, ਅਤੇ ਕਈ ਥਾਵਾਂ ‘ਤੇ  ਕਿੱਕਲੀਆਂ ਅਤੇ ਗਿੱਦਾ ਪਾਉਂਦੀਆਂ ਮੁਟਿਆਰਾਂ, ਅਤੇ ਹਰ ਪਾਸੇ ਹਾਸੇ ਤੇ ਖੁਸ਼ੀਆਂ- ਇਹੋ ਜਿਹਾ ਦਿਖਦਾ ਹੈ “ਤੀਜ ਮੇਲਾ” ਜਾਂ “ਤੀਆਂ ਦਾ ਮੇਲਾ” !

ਤੀਜ ਤਿਉਹਾਰ ਦੇ ਅਕਸਰ ਪੁੱਛੇ ਜਾਂਦੇ ਸਵਾਲ ਪੰਜਾਬੀ ਭਾਸ਼ਾ ਵਿੱਚ – FAQs of Teej Festival in Punjabi Language

Q1- ਪੰਜਾਬ ਵਿੱਚ ਤੀਜ ਦਾ ਤਿਉਹਾਰ ਕੀ ਹੈ?

A1- ਪੰਜਾਬ ਵਿੱਚ, ਤੀਜ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ, ਜਿਸ ਨੂੰ ਖਾਸ ਤੌਰ ‘ਤੇ ਔਰਤਾਂ ਅਤੇ ਲੜਕੀਆਂ ਦੁਆਰਾ ਵੱਖ-ਵੱਖ ਰਸਮਾਂ ਅਤੇ ਜਸ਼ਨਾਂ ਦੁਆਰਾ ਮਨਾਇਆ ਜਾਂਦਾ ਹੈ।

Q-2- ਕੀ ਤੀਜ ਸਿਰਫ਼ ਪੰਜਾਬ ਵਿੱਚ ਹੀ ਮਨਾਈ ਜਾਂਦੀ ਹੈ?

A2- ਤੀਜ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਈ ਜਾਂਦੀ ਹੈ, ਪਰ ਇਸਦੀ ਮਹੱਤਤਾ ਅਤੇ ਪਰੰਪਰਾਵਾਂ ਖੇਤਰ ਤੋਂ ਖੇਤਰ ਵਿੱਚ ਵੱਖਰੀਆਂ ਹੋ ਸਕਦੀਆਂ ਹਨ।

Q3- ਪੰਜਾਬੀ ਤੀਜ ਦਾ ਤਿਉਹਾਰ ਕਿਉਂ ਮਨਾਉਂਦੇ ਹਨ?

A3- ਤੀਜ ਦਾ ਤਿਉਹਾਰ ਪੰਜਾਬੀਆਂ ਖਾਸ ਕਰਕੇ ਔਰਤਾਂ ਵੱਲੋਂ ਬੜੇ ਉਤਸ਼ਾਹ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮਾਨਸੂਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜੋ ਚਾਰੇ ਪਾਸੇ ਖੁਸ਼ਹਾਲੀ ਅਤੇ ਤੰਦਰੁਸਤੀ ਲਿਆਉਂਦਾ ਹੈ।

Q4- ਕੀ ਪੁਰਸ਼ਾਂ ਨੂੰ ਤੀਜ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੈ?

A4- ਜਦੋਂ ਕਿ ਤਿਉਹਾਰ ਮੁੱਖ ਤੌਰ ‘ਤੇ ਔਰਤਾਂ ਦੁਆਰਾ ਮਨਾਇਆ ਜਾਂਦਾ ਹੈ, ਪਰ ਅੱਜਕੱਲ੍ਹ ਮਰਦ ਵੀ ਏਨਾਂ ਖੁਸ਼ੀ ਦੇ ਤਿਉਹਾਰਾਂ ਵਿੱਚ ਹਿੱਸਾ ਲੈਂਦੇ ਹਨ, ਖਾਸ ਕਰਕੇ ਭੰਗੜੇ ਵਿੱਚ।

Q5- ਤੀਜ ਦਾ ਦਿਨ ਕਿਵੇਂ ਮਨਾਇਆ ਜਾਂਦਾ ਹੈ ?

A5- ਪੰਜਾਬ ਵਿਚ ਤੀਜ ‘ਤੇ, ਔਰਤਾਂ ਤੇ ਕੁੜੀਆਂ ਰਵਾਇਤੀ ਰੰਗੀਨ ਪਹਿਰਾਵੇ ਪਹਿਨਦੀਆਂ ਹਨ, ਮਹਿੰਦੀ ਲਗਾਉਂਦੀਆਂ ਹਨ, ਅਤੇ ਰਵਾਇਤੀ ਲੋਕ ਗੀਤ ਗਾਉਣ ਅਤੇ ਨੱਚਣ ਲਈ ਇਕੱਠੀਆਂ ਹੁੰਦੀਆਂ ਹਨ। ਪੀਪਲ ਤੇ ਦਰਖ਼ਤਾਂ ਹੇਠਾਂ ਪਾਈਆਂ ਪੀਂਘਾਂ ਤੇ ਝੂਟਦੀਆਂ ਹਨ, ਬੋਲੀਆਂ ਤੇ ਗਿੱਦਾ ਪਾਕੇ ਖੁਸ਼ੀ ਮਨਾਉਂਦਿਆਂ ਹਨ। ਮਿੱਠੇ ਪੂੜੇ ਤੇ ਖੀਰ ਇਸ ਤਿਉਹਾਰ ਦੀ ਮਿਠਾਸ ਨੂੰ ਹੋਰ ਵਧਾ ਦੇਂਦੇ ਹਨ।

Read More

What is Hukamnama in Sikhism in Punjabi Language?
Ik Onkar in Sikhism in Punjabi language

Leave a Reply

Your email address will not be published. Required fields are marked *

Back to top button